Punjabi » Article » ਦੀਦਾਰ ਸੰਧੂ
ਪੰਜਾਬੀ » ਲੇਖ » ਦੀਦਾਰ ਸੰਧੂ


« ਦੀਦਾਰ ਸੰਧੂ »

ਇਹ ਲੇਖ 3456 ਵਾਰ ਪੜਿਆ ਗਿਆ ਹੈ।
dhaula ਵਲੋਂ 2009-10-04 18:44:57 ਨੂੰ ਭੇਜਿਆ ਗਿਆ।ਕੁਬੋਲ/ਕੁਵਰਤੋਂ ਸੂਚਨਾ

ਸ਼ ਗੁਰਸੇਵਕ ਸਿੰਘ ਧੌਲਾ 94632–16267
‘ ਮੇਰ9 1ੈਸ9 ਝਾਂਜਰ 3ਣਕੇ’ ਵਾਲੇ ਦ9ਦਾਰ ਸੰ4ੂ ਨੂੰ ਯਾਦ ਕਰਦਿ1ਾਂ
ਦੀਦਾਰ ਸੰਧੂ ਇਕ ਅਜਿਹਾ ਲੋਕ ਗਾਇਕ ਸੀ ਜਿਸ ਦੀ ਗਾਇਕੀ ਦਾ ਛਣਕਾਟਾ ਅੱਜ 18 ਸਾਲ ਬਾਅਦ ਵੀ ਗਲੀ ਗਲੀ ਪੈਂਦਾ ਸੁਣਾਈ ਦਿੰਦਾ ਹੈ। ਪੰਜਾਬ ਦੇ ਲੋਕਾਂ ਦੇ ਦਿਲਾਂ ਵਿਚ ਵਸਣ ਵਾਲੇ ਗਾਇਕਾਂ ਅਮਰ ਸਿੰਘ ਸੌਂਕੀ, ਲਾਲ ਚੰਦ ਯਮਲਾ ਜੱਟ ਤੋਂ ਬਾਅਦ ਦੀਦਾਰ ਸੰਧੂ ਹੀ ਇਕ ਅਜਿਹਾ ਲੋਕ ਗਾਇਕ ਹੈ, ਜਿਸ ਨੂੰ ਪੰਜਾਬੀ ਅਦਬ ਨਾਲ ਯਾਦ ਕਰਦੇ ਹਨ। ਉਸਦੇ ਗੀਤ ਸੁਣਕੇ ਹੁਣ ਵੀ ਨਵੀਂ ਅਤੇ ਪੁਰਾਣੀ ਪੀੜ•ੀ ਦੇ ਪੰਜਾਬੀ ਲੋਰ ਵਿਚ ਗੜੁੱਚ ਹੋ ਜਾਂਦੇ ਹਨ। ਉਸਦੀ ਗਾਇਕੀ ਅਤੇ ਜੀਵਨ ਬਾਰੇ ਪੂਰੀ ਜਾਣਕਾਰੀ ਸ਼ਾਇਦ ਕਿਸੇ ਪੀ.ਐਚ.ਡੀ. ਥੀਸਿਜ ਵਿਚ ਹੀ ਦਿੱਤੀ ਜਾ ਸਕੇ। ਦੀਦਾਰ ਸੰਧੂ ਇਕ ਅਜਿਹਾ ਗਾਇਕ ਹੋ ਨਿਬੜਿਆ ਹੈ, ਜਿਸਦੀ ਯਾਦ ਵਿਚ ਮੇਲੇ ਲੱਗਦੇ ਹਨ, ਉਸਦੀ ਯਾਦ ਵਿਚ ਐਵਾਰਡ ਦਿੱਤੇ ਜਾਂਦੇ ਹਨ, ਉਸਦੀ ਯਾਦ ਵਿਚ ਕਿਤਾਬਾਂ ਪ੍ਰਕਾਸਿਤ ਹੋਈਆਂ, ਉਸਦੇ ਗੀਤਾਂ ਨੂੰ ਪਾਕਿਸਤਾਨੀ ਪੰਜਾਬ ਵਿਚ ਸਰਕਾਰੀ ਤੌਰ ’ਤੇ ਸ਼ਾਂਭ ਕੇ ਰੱਖਿਆ ਗਿਆ, ਉਸਦੀ ਯਾਦ ਵਿਚ ਸੰਗੀਤਕ ਲਾਇਬਰੇਰੀਆਂ ਬਣੀਆਂ, ਉਸਦੇ ਨਾਮ ’ਤੇ ਲੋਕਾਂ ਨੇ ਆਪਣੇ ਬੱਚਿਆਂ ਦੇ ਨਾਮ ਰੱਖੇ, ਉਹ ਪਿੰਡ ਦੇ ਪੰਦਰਾਂ ਸਾਲ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਂਦੇ ਰਹੇ, ਉਸਨੇ ਦਰਜਨ ਦੇ ਕਰੀਬ ਪੰਜਾਬ ਦੀਆਂ ਚੋਟੀਆਂ ਦੀਆਂ ਗਾਇਕਾਵਾਂ ਨਾਲ ਗੀਤ ਰਿਕਾਰਡ ਕਰਵਾਏ, ਉਸਨੇ ਫਿਲਮਾਂ ਵਿਚ ਗਾਇਆ, ਰੇਡੀਓ ਅਤੇ ਟੀ.ਵੀ. ’ਤੇ ਗਾਇਆ। ਪ੍ਰੋ: ਮੋਹਨ ਸਿੰਘ ਮੇਲੇ ਦਾ ਜਥੇਬੰਧਕ ਸਕੱਤਰ ਰਿਹਾ। ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਪਿੰਡ ਹੋਵੇ ਜਿਸ ਪਿੰਡ ਵਿਚ ਦੀਦਾਰ ਸੰਧੂ ਦਾ ਅਖਾੜਾ ਨਾ ਲੱਗਿਆ ਹੋਵੇ। ਉਸਨੇ ਆਪਣੀ ਗਾਇਕੀ ਦੇ ਜ਼ੋਰ ਕਈ ਮੁਲਕਾਂ ਦੇ ਵਿਦੇਸ਼ੀ ਟੂਰ ਕੀਤੇ। ਉਸਦੇ ਗੀਤਾਂ ਨੂੰ ਅੱਜ ਵੀ ਲੋਕ ਆਪਣੇ ਵਹੀਕਲਾਂ ’ਤੇ ਲਿਖਵਾਈ ਫਿਰਦੇ ਹਨ। ਉਸਦੇ ਪ੍ਰਸੰਸਕਾਂ ਦੀ ਗਿਣਤੀ ਅੱਜ ਵੀ ਲੱਖਾਂ ਵਿਚ ਹੈ। ਅਜਿਹੇ ਲੋਕ ਗਾਇਕ ਦਾ ਜਨਮ 3 ਜੁਲਾਈ 1942 ਨੂੰ ਪਾਕਿਸਤਾਨ ਦੇ ਸਰਗੋਧਾ ਜ਼ਿਲ•ੇ ਵਿਚ ਚੱਕ ਨੰਬਰ 133 ਵਿਖੇ ਪਿਤਾ ਸੰਮੁਦ ਸਿੰਘ ਦੇ ਘਰ ਮਾਤਾ ਦਾਨ ਕੌਰ ਦੀ ਕੁੱਖੋਂ ਹੋਇਆ। 1947 ਦੀ ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ 1956 ਵਿਚ ਪਿੰਡ ਭਰੋਵਾਲ ਜ਼ਿਲ•ਾ ਲੁਧਿਆਣਾ ਵਿਚ ਆ ਕੇ ਵਸ ਗਿਆ। ਉਹਨਾਂ ਮੁੱਢਲੀ ਵਿਦਿਆ ਪਿੰਡ ਜਗਰਾਉਂ ਦੇ ਸਕਾਰੀ ਸਕੂਲ ਤੋਂ ਅਤੇ ਦਸਵੀਂ ਤੱਕ ਦੀ ਵਿਦਿਆ ਸਰਕਾਰੀ ਹਾਈ ਸਕੂਲ ਬਰਸਾਲਾਂ ਤੋਂ ਪ੍ਰਾਪਤ ਕੀਤੀ। ਉਹ ਆਪਣੇ ਪੰਜ ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ। ਦੀਦਾਰ ਸੰਧੂ ਦਾ ਵਿਆਹ 1966 ਵਿਚ ਪਿੰਡ ਗਾਲਿਬ ਕਲਾਂ ਵਿਖੇ ਭਾਨ ਸਿੰਘ ਦੀ ਸਪੁੱਤਰੀ ਅਮਰਜੀਤ ਕੌਰ ਨਾਲ ਹੋਇਆ। ਉਹਨਾਂ ਦੇ ਘਰ ਦੋ ਬੱਚਿਆਂ ਜਗਮੋਹਨ ਸਿੰਘ ਅਤੇ ਬੇਟੀ ਦੀਪਾਂ ਨੇ ਜਨਮ ਲਿਆ। ਉਹਨਾਂ ਦਾ ਇਕਲੌਤਾ ਬੇਟਾ ਜਗਮੋਹਨ ਸੰਧੂ ਅੱਜਕਲ• ਗਾਇਕੀ ਦੇ ਪਿੜ ਵਿਚ ਵਿਚਰ ਰਿਹਾ ਹੈ। ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਜਗਦੇਵ ਸਿੰਘ ਜੱਸੋਵਾਲ ਲਿਖਦੇ ਹਨ ਕਿ ਜੋ ਸਥਾਨ ਅੰਗਰੇਜੀ ਕਵਿਤਾ ਵਿਚ ਬਾਇਰਨ ਦਾ ਸੀ ਪੰਜਾਬੀ ਲੋਕ ਗੀਤ ਗੀਤਕਾਰੀ ਵਿਚ ਉਹ ਸਥਾਨ ਦੀਦਾਰ ਸੰਧੂ ਦਾ ਹੈ। ਦੀਦਾਰ ਸਾਡੇ ਲਈ ਪੰਜਾਬੀ ਸੱਭਿਆਚਾਰ ਦੇ ਬਾਗਾਂ ਵਿਚ ਸਦਾ ਮਹਿਕਣ ਅਤੇ ਖੂਸਬੋਆਂ ਖਿਲਾਰਨ ਵਾਲਾ ਬਹੁਰੰਗਾਂ ਫੁੱਲ ਅਤੇ ਨਿਰੰਤਰ ਰੌਸ਼ਨੀ ਵੰਡਣ ਵਾਲਾ ਤਾਰਾ ਹੈ। ਇਸੇ ਤਰ•ਾਂ ਪ੍ਰਸਿੱਧ ਸਾਹਿਤਕਾਰ ਸੰਤ ਸਿੰਘ ਸੇਖੋਂ ਲਿਖਦੇ ਹਨ ਕਿ ਸਧਾਰਨ ਸ਼ਬਦਾਂ ਵਿਚ ਦੀਦਾਰ ਸੰਧੂ ਵਰਗੇ ਗੀਤਕਾਰ ਆਪਣੇ ਸਰੋਤਿਆਂ ਨੂੰ ਅਜਿਹਾ ਅਨੰਦ ਪ੍ਰਦਾਨ ਕਰਦੇ ਹਨ, ਜਿਸ ਵਿਚ ਸਰੋਤੇ ਜੀਵਨ ਦਾ ਵਿਲਾਸ ਵੀ ਮਾਣਦੇ ਹਨ ਅਤੇ ਉਹਨਾਂ ਉਪਰ ਸਦਾਚਾਰ ਦੀਆਂ ਸੀਮਾਵਾਂ ਉ¦ਘਣ ਦਾ ਦੋਸ਼ ਵੀ ਨਹੀਂ ਲੱਗਦਾ। ਆਤਮਾ ਹਮਰਾਹੀ ਦੀਦਾਰ ਸੰਧੂ ਨੂੰ ਸ਼ਰਧਾਂਜਲੀ ਭੇਂਟ ਕਰਦੇ ਲਿਖਦੇ ਹਨ ਕਿ ਉਹ ਜੱਟ ਕਲਚਰ ਦਾ ਸਿਰਮੋਰ ਗੀਤਕਾਰ ਸੀ।
ਦੀਦਾਰ ਸੰਧੂ ਦੀ ਸਭ ਤੋਂ ਵੱਡੀ ਸਿਫ਼ਤ ਇਹ ਸੀ ਕਿ ਉਹ ਆਪਣੇ ਗੀਤ ਖੁਦ ਲਿਖਕੇ ਗਾਉੁਂਦਾ ਸੀ। ਉਹਨਾਂ ਦੇ ਗੀਤਾਂ ਦਾ ਕਾਵਿ ਚਿਤਰਨ ਇੰਨਾ ਕਮਾਲ ਦਾ ਹੈ ਕਿ ਸੁਣਨ ਵਾਲਾ ਦੰਗ ਰਹਿ ਜਾਂਦਾ ਹੈ। ਸੁਣਨ ਵਾਲੇ ਦੀ ਸੋਚ ਅਕਸਰ ਗੀਤ ਤੋਂ ਪਿੱਛੇ ਰਹਿ ਜਾਂਦੀ ਹੈ। ਜਦੋਂ ਉਹ ਲਿਖਦਾ ਹੈ ‘ਚੰਨ ਹੋ ਬੱਦਲੀ ਦੇ ੳਹਲੇ ਕੰਨੀਆਂ ਨੂੰ ਇੰਝ ਰੁਸਨਾਏ, ਜਿਉਂ ਗੋਟੇ ਵਾਲੀ ਚੁੰਨੀ ਕੋਈ ਅੰਬਰ ’ਤੇ ਸੁੱਟ ਸੁਕਾਵੇ ਇ ਚਾਨਣ ਵਰਗਾ ਰਿਸਤਾ ਜੱਗ ਤੋਂ ਕਿਵੇਂ ਲੁਕਾਵੇਗਾ’ ਤਾਂ ਸਰੋਤੇ ਦੀ ਸੋਚ ਚੰਨ ’ਤੇ ਅਟਕੀ ਰਹਿ ਜਾਂਦੀ ਹੈ ਜਾਂ ‘ਸਾਉਣ ਮਹੀਨਾ ਪੈਣ ਛਰਾਟੇ ਵਗ ਪਰਨਾਲੇ ਢਾਬ ਭਰੀ’ ਤਾਂ ਜੇਠ ਹਾੜ ਦੀਆਂ ਧੁੱਪਾਂ ਵਿਚ ਵੀ ਸੁਣਨ ਵਾਲੇ ਦੇ ਦਿਲ ਦਿਮਾਗ ਤੇ ਸਾਉਣ ਮਹੀਨੇ ਦੀਆਂ ਘਟਾਵਾਂ ਛਾਂਅ ਜਾਂਦੀਆਂ ਹਨ। ਉਸਨੇ ਆਪਣੇ ਗੀਤਾਂ ਵਿਚ ਅਨੇਕਾਂ ਨਵੇਂ ਅ¦ਕਾਰਾਂ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ ਉਸਦੇ ਗੀਤਾਂ ਵਿਚ ਅਨੇਕਾਂ ਚਿੰਨ, ਬਿੰਬ, ਪ੍ਰਤੀਕ, ਤਸਬੀਹ ਮਾਲਾ ਦੇ ਮਣਕੇ ਵਾਂਗੂ ਪਰੋਏ ਹੋਏ ਹਨ। ਜਿੰਨਾਂ ਨੂੰ ਸੁਣਕੇ ਮਨ ਹੁਲਾਸ ਵਿਚ ਆ ਕੇ ਦੀਦਾਰ ਸੰਧੂ ਨੂੰ ਸਲੂਟ ਮਾਰਦਾ ਹੈ। ਨਮੂਨਾ ਦੇਖੋ:
ਗਿੱਧਿਆਂ ਦੇ ਜਾਵਾਂ ਨੀ ਮੈਂ ਪਾਵਾਂ ਨੱਚ ਧਮਾਲਾਂ
ਪਾਉਣ ਨੀਵੀਆਂ ਮੋਰ ਸ਼ਰਮ ਨਾਲ ਦੇਖ ਮੇਰੀਆਂ ਚਾਲਾਂ
ਮੇਰੇ ਨਾਲੋਂ ਵਧਕੇ ਮੇਰੀ ਝਾਂਜਰ ਕਰੇ ਕਮਾਲਾਂ
ਜੀ ਕਰਦਾ ਇਹ ਝਾਂਜਰ ਪਾ ਕੇ ਉਡ ਜਾ ਕਬੂਤਰ ਬਣਕੇ,
ਛਣਕਾਟਾ ਪੈਂਦਾ ਗਲੀ–ਗਲੀ, ਮੇਰੀ ਐਸੀ ਝਾਂਜਰ ਛਣਕੇ।
0

ਕਾਲੇ ਕਾਲੇ ਖੇਤ ਜਿਵੇਂ ਕਾਲਾ ਸਿਰ ਹੀਰ ਦਾ
ਪਾਉਂਦੀ ਏ ਭੁਲੇਖਾ ਚਿੱਟੀ ਡੰਡੀ ਟੇਡੇ ਚੀਰ ਦਾ
ਦੀਦਾਰ ਸੰਧੂ ਨੇ ਗਾਇਕੀ ਦੀ ਸ਼ੁਰੂਆਤ ਬਤੌਰ ਗੀਤਕਾਰ ਵਜੋਂ ਕੀਤੀ। ਉਸਦੇ ਲਿਖੇ ਗੀਤਾਂ ਦੀਆਂ ਧੂੰਮਾਂ ਪੂਰੇ ਪੰਜਾਬ ਵਿਚ ਪੈ ਗਈਆਂ। ਪਹਿਲਾ ਗੀਤ ਨਰਿੰਦਰ ਬੀਬਾ ਦੀ ਅਵਾਜ਼ ਵਿਚ ‘ਜੱਟ ਬੜਾ ਬੇਦਰਦੀ’ ਰਿਕਾਰਡ ਹੋਇਆ। ਉਸ ਸਮੇਂ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਗਾਇਕ ਜੋੜੀ ਦੀਆਂ ਚੜ•ਤਾਂ ਸਨ। ਇਸ ਜੋੜੀ ਦੀਆਂ ਅਵਾਜ਼ਾਂ ਵਿਚ ਦੀਦਾਰ ਸੰਧੂ ਦੇ ਗੀਤਾਂ ਸੁਰਮਾਂ ਪੰਜ ਰੱਤੀਆਂ, ਕਾਗਜ ਵਰਗੀ ਭਾਬੀ, ਐਸੀ ਝਾਂਜਰ ਛਣਕੇ, ਕੁੜਤੀ ਮਲਮਲ ਦੀ, ਲੱਡੂ ਵੰਡਦੀ ਕਚਹਿਰੀਓ ਆਵਾਂ ਨੇ ਦੀਦਾਰ ਸੰਧੂ ਦਾ ਨਾਮ ਬਣਾ ਦਿੱਤਾ। 1962 ਵਿਚ ਉਹਨਾਂ ਲੋਕ ਸੰਪਰਕ ਵਿਭਾਗ ਵਿਚ ਨੌਕਰੀ ਲੈ ਲਈ ਜਿਥੇ ਉਸ ਨੇ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਨਾਲ ਢਾਈ ਸਾਲ ਦੇ ਕਰੀਬ ਸਟੇਜਾਂ ’ਤੇ ਗਾਇਆ। ਇਸ ਸਮੇਂ ਤੱਕ ਦੀਦਾਰ ਸੰਧੂ ਦੀ ਆਪਣੀ ਪਹਿਚਾਣ ਗਾਇਕ ਵਜੋਂ ਹੋ ਗਈ ਤਾਂ ਉਸਨੇ ਪਹਿਲਾ ਰਿਕਾਰਡ ਸਨੇਹ ਲਤਾ ਨਾਲ ‘ਪਿੰਡ ਦਿਆਂ ਮੁੰਡਿਆਂ ਨੂੰ ਸਾਨੂੰ ਦੇਖ ਕੇ ਨੀਂਦ ਨਾ ਆਵੇ’ ਪ੍ਰਸਿੱਧ ਐਚ. ਐਮ.ਵੀ. ਰਿਕਾਰਡ ਕੰਪਨੀ ਵਿਚ ਰਿਕਾਰਡ ਕਰਵਾਇਆ। ਬੱਸ ਫਿਰ ਕੀ ਸੀ ਦੀਦਾਰ ਤੇ ਰਿਕਾਰਡ ਤਵੇਂ ਬਲੈਕ ਵਿਚ ਵਿਕਣ ਲੱਗ ਪਏ ਅਤੇ ਆਪਣੇ ਅੰਤਲੇ ਸਮੇਂ ਤੱਕ ਕੋਈ 28 ਸਾਲ ਚੱਲ ਸੋ ਚੱਲ ਹੁੰਦੀ ਰਹੀ। ਇਸ ਸਮੇਂ ਦੌਰਾਨ ਉਸ ਨੇ ਪੰਜਾਬ ਦੀਆਂ ਮਸਹੂਰ ਗਾਇਕਾਵਾਂ ਨਾਲ ਗੀਤ ਰਿਕਾਰਡ ਕਰਵਾਏ। ਜਿਨ•ਾਂ ਵਿਚ ਪੰਜਾਬ ਦੀ ਕੋਇਲ ਸੁਰਿੰਦਰ ਕੌਰ, ਅਮਰ ਨੂਰੀ, ਸੁਨੇਹ ਲਤਾ, ਪਰਮਿੰਦਰ ਸੰਧੂ, ਕੁਲਦੀਪ ਕੌਰ, ਬਲਜੀਤ ਬੱਲੀ, ਸੁਸਮਾ, ਸੁਖਵੰਤ ਕੌਰ ਤੋਂ ਇਲਾਵਾ ਹਿੰਦੀ ਫਿਲਮਾਂ ਦੀ ਹੀਰੋਇਨ ਰਮਾ ਵਿਜ ਨੇ ਵੀ ਕਈ ਸਟੇਜਾਂ ’ਤੇ ਦੀਦਾਰ ਸੰਧੂ ਨਾਲ ਗਾਇਆ। ਪੰਜਾਬੀ ਫਿਲਮ ‘ਅਣਖ ਜੱਟਾਂ ਦੀ’ ਵਿਚ ਸੁਰਿੰਦਰ ਛਿੰਦੇ ਦੀ ਅਵਾਜ ਵਿਚ ਗੀਤ ‘ਇਸ ਸਮੇਂ ਦੀਆਂ ਸੱਟਾਂ ਤੋਂ ਤੂੰ ਭਾਵੇਂ ਹੈ ਮਜਬੂਰ’ ਅਤੇ ‘ਲਲਕਾਰਾ’ ਫਿਲਮ ਵਿਚ ‘ਮਾਏ ਨੀ ਤੇਰੀ ਲਾਡਲੀ’ ਸਰਬਜੀਤ ਦੀ ਅਵਾਜ ਵਿਚ ਅਤੇ ਫਿਲਮ ‘ਗੱਭਰੂ ਪੰਜਾਬ ਦਾ’ ਵਿਚ ਦੀਦਾਰ ਸੰਧੂ ਅਤੇ ਅਮਰ ਨੂਰੀ ਦਾ ਅਖਾੜਾ ਫਿਲਮਾਇਆ ਗਿਆ। ਭਾਵੇਂ ਅਮਰ ਨੂਰੀ ਅੱਜ ਤੱਕ ਨਿੱਤ ਕਾਮਯਾਬੀ ਦੀਆਂ ਸਿਖਰਾਂ ਨੂੰ ਛੂਹ ਰਹੀ ਹੈ, ਪਰ ਫਿਲਮੀ ਪਰਦੇ ’ਤੇ ਸਭ ਤੋਂ ਪਹਿਲਾਂ ਉਸਨੂੰ ਦੀਦਾਰ ਸੰਧੂ ਹੀ ਲੈ ਕੇ ਆਏ। ਨੂਰੀ 1981 ਵਿਚ ਬਹੁਤ ਛੋਟੀ ਉਮਰ ਵਿਚ ਦੀਦਾਰ ਸੰਧੂ ਨਾਲ ਗਾਉਣ ਲੱਗੀ ਸੀ, ਜੋ ਅੱਜਤੱਕ ਨਿਰੰਤਰ ਜਾਰੀ ਹੈ। ਜਿਹਨਾਂ ਹੋਰ ਪ੍ਰਸਿੱਧ ਗਾਇਕਾਂ ਨੇ ਦੀਦਾਰ ਦੇ ਲਿਖੇ ਗੀਤ ਗਾਏ ਉਹਨਾਂ ਵਿਚ ਮੁਹੰਮਦ ਸਦੀਕ, ਰਣਜੀਤ ਕੌਰ, ਨਰਿੰਦਰ ਬੀਬਾ, ਬੀਰ ਚੰਦ, ਰਣਜੀਤ ਵਿਰਕ, ਸੁਦੇਸ਼ ਕਪੂਰ, ਪ੍ਰੋਮਲਾ ਪੰਮੀ, ਸਵਰਨ ਲਤਾ, ਕਰਨੈਲ ਗਿੱਲ, ਰੇਸ਼ਮ ਰੰਗੀਲਾ, ਪ੍ਰੀਤੀ ਬਾਲਾ, ਕਰਨੈਲ ਸਿੰਘ, ਬੀਰ ਚੰਦ ਗੋਪੀ ਆਦਿ ਨਾਮ ਜ਼ਿਕਰਯੋਗ ਹਨ। ਇਹ ਸਾਰੇ ਗੀਤ ਵੀ ਬਹੁਤ ਮਸਹੂਰ ਰਹੇ। ਉਸਦੀ ਆਪਣੀ ਅਵਾਜ ਵਿਚ ਬਹੁਤੇ ਗੀਤ ਸੁਨੇਹ ਲਤਾ, ਅਮਰ ਨੂਰੀ ਅਤੇ ਸੁਰਿੰਦਰ ਕੌਰ ਨਾਲ ਰਿਕਾਰਡ ਹੋਏ। ਸੁਨੇਹ ਲਤਾ ਨਾਲ ਦੀਦਾਰ ਸੰਧੂ ਦੀ ਅਵਾਜ ਦਾ ਕੁਦਰਤੀ ਮੇਲ ਸੀ ਅਤੇ ਮਾਨਸਿਕ ਬਹਾਅ ਵੀ ਦੋਨਾਂ ਦਾ ਇਕੋ ਜਿਹਾ ਹੋਣ ਕਰਕੇ ਇਸ ਜੋੜੀ ਨੇ ਖੂਬ ਨਿਮਾਣਾ ਖੱਟਿਆ ਜਦੋਂ ਸੁਨੇਹ ਲਤਾ ਕੋਈ ਸੱਤ ਸਾਲ ਦੀਦਾਰ ਸੰਧੂ ਨਾਲ ਗਾਉਣ ਤੋਂ ਬਾਅਦ ਵਿਆਹ ਕਰਵਾ ਕੇ ਵਿਦੇਸ਼ ਚਲੀ ਗਈ ਤਾਂ ਇਕ ਵਾਰ ਤਾਂ ਉਸਦੀ ਗਾਇਕੀ ਨੂੰ ਬਰੇਕਾਂ ਲੱਗ ਗਈਆਂ, ਪਰ ਛੇਤੀ ਹੀ ਗੱਡੀ ਫਿਰ ਲੀਹ ’ਤੇ ਚੜ• ਗਈ। ਕੁਲਵੰਤ ਸਿੰਘ ਲਹਿਰੀ ਦੀਦਾਰ ਸੰਧੂ ਬਾਰੇ ਛਾਪੀ ਕਿਤਾਬ ‘ਦੀਦਾਰਨਾਮਾ’ ਵਿਚ ਲਿਖਦਾ ਹੈ ਕਿ ਸੁਨੇਹ ਲਤਾ ਦੀ ਗੈਰਹਾਜਰੀ ਨੇ ਦੀਦਾਰ ਸੰਧੂ ਦੀ ਕਲਾ ਅਤੇ ਭਵਿੱਖੀ ਪ੍ਰੋਗਰਾਮ ’ਤੇ ਪ੍ਰਸ਼ਨ ਚਿੰਨ ਲਾ ਦਿੱਤਾ।
ਆਪਣੀ ਗਾਇਕੀ ਦੇ ਅਖੀਰਲੇ ਸਾਲਾਂ ਵਿਚ ਆਪਣੇ ਸਾਥੀ ਕਲਾਕਾਰਾਂ ਨਾਲ ਦੀਦਾਰ ਸੰਧੂ ਨੇ 1988 ਵਿਚ ਵਿਦੇਸ਼ ਦਾ ਦੌਰਾ ਕੀਤਾ ਚਾਰ ਮਹੀਨੇ ਦੇ ਇਸ ਟੂਰ ਪ੍ਰੋਗਰਾਮ ਵਿਚ ਜਿਸ ਸ਼ਰਾਬ ਨੂੰ ਦੀਦਾਰ ਸੰਧੂ ਗਾਲਾਂ ਕੱਢਦਾ ਕਹਿੰਦਾ ਸੀ ‘ਖੱਟੀ ਨੀ ਬਿਨ ਬਦਨਾਮੀ ਤੋਂ ਉਸਨੇ ਵੀ ਕੁਝ ਗਵਾਇਆ ਹੋਊ ਜਿਸ ਨੇ ਇਸ ਭਰੀ ਸੁਰਾਹੀ ’ਚੋਂ ਪਹਿਲਾ ਪੈੱਗ ਭਰ ਕੇ ਲਾਇਆ ਹੋਊ’ ਉਹ ਹੀ ਸ਼ਰਾਬ ਸੰਧੂ ’ਤੇ ਭਾਰੂ ਪੈ ਗਈ। ਅੰਗਰੇਜ਼ੀ ਸ਼ਰਾਬ ਨੇ ਉਸਦੇ ਗੁਰਦੇ ਅਤੇ ਪੇਟ ’ਤੇ ਬੁਰਾ ਅਸਰ ਕੀਤਾ। ਜਿਸ ਨਾਲ ਉਸ ਦੀ ਸਿਹਤ ਵਿਗੜ ਗਈ। ਹਾਲਤ ਵੱਧ ਖਰਾਬ ਹੋ ਜਾਣ ’ਤੇ ਉਸ ਨੂੰ 13 ਫਰਵਰੀ 1991 ਨੂੰ ਦਿਆਨੰਦ ਹਸਪਤਾਲ ਲੁਧਿਆਣਾ ਵਿਖੇ ਦਾਖਲ ਕੀਤਾ ਗਿਆ, ਜਿਥੇ 16 ਫਰਵਰੀ 1991 ਨੂੰ ਪੰਜਾਬੀ ਦਿਲਾਂ ਦੀਆਂ ਗੱਲਾਂ ਕਰਨ ਵਾਲਾ ਮਨੋਵਿਗਿਆਨੀ ਗਾਇਕ ਸਾਥੋ ਸਦਾ ਵਾਸਤੇ ਵਿਛੜ ਗਿਆ। ਪਰ ਦੀਦਾਰ ਸੰਧੂ ਅੱਜ ਵੀ ਪੰਜਾਬ ਦੀ ਫ਼ਿਜਾ ਵਿਚ ਜਿੰਦਾ ਹੈ। ਉਸ ਦੇ ਗੀਤਾਂ ਦੇ ਕੁਝ ਮੁੱਖੜੇ
1. ਤੇਰੇ ਮਾਨਸਰੋਵਰ ਝੀਲ ਜਿਹੇ ਨੈਣਾਂ ਦੇ ਨਜ਼ਰੀ ਚੜ• ਜਾਵਾਂ
2. ਖੁਸ਼ੀਆਂ ਮਾਣੇ ਪਿੰਡ ਸਾਰਾ ਮੈਂ ਸੁੰਨ ਮਸੁੰਨੀ ਹਾਂ
3. ਵੇ ਗੱਲ ਸੁਣ ਦਿਉਰਾ
4. ਚੜ• ਗਿਆ ਮਹੀਨਾ ਸੌਣ ਕੁੜੇ
5. ਮਾਹੀ ਵੇ ਮਾਹੀ ਮੈਨੂੰ ਵੈਦ ਮਗਾ ਦੇ
6. ਘੋੜੀ ਤੇਰੀ ਗਲ ਚਾਂਦੀ ਦੇ ਘੁੰਗਰੂ
7. ਮੋਤੀ ਬਜਾਰ ਦਾ ਤੋਤਾ
8. ਤੇਰਾ ਆਉਣਾ ਨੀ ਸਮੁੰਦਰਾਂ ਦੀ ਛੱਲ ਵਰਗਾ
9. ਮੇਲੇ ਵਿਚੋਂ ਜਿਵੇਂ ਖਾਲੀ ਉਡਦੇ ਲਿਫਾਫੇ
10. ਮਾਹੀ ਚੱਲਿਆ ਲਾਮ ਨੂੰ ਮੇਰਾ
ਗੁਰਸੇਵਕ ਸਿੰਘ ਧੌਲਾ
ਪਿੰਡ ਤੇ ਡਾਕ ਧੌਲਾ
ਤਹਿਸੀਲ ਤੇ ਜ਼ਿਲ•ਾ ਬਰਨਾਲਾ
148107
ਮੋਬਾ: 94632–16267

ਆਪਣੇ ਦੋਸਤਾਂ ਨੂੰ ਇਸ ਲੇਖ ਬਾਰੇ ਜਾਣੂ ਕਰਵਾਓ
ਤੁਹਾਡਾ ਨਾਮ:
ਤੁਹਾਡਾ ਈਮੇਲ:
ਦੋਸਤ ਦਾ ਈਮੇਲ:
ਇਸ ਲੇਖ ਲਈ ਆਪਣੇ ਵਿਚਾਰ/ਟਿੱਪਣੀ ਲਿਖੋ

ਸ਼ੁਰਲੀ ਦੇ ਪਾਠਕਾਂ ਵਲੋਂ ਇਸ ਲੇਖ ਬਾਰੇ ਭੇਜੇ ਵਿਚਾਰ/ਕੀਤੀਆਂ ਟਿੱਪਣੀਆਂ
ਇਸ ਲੇਖ ਬਾਰੇ ਕੋਈ ਟਿੱਪਣੀ/ਵਿਚਾਰ ਨਹੀਂ

ਸ਼ੁਰਲੀ ਆਪਣੇ ਸਭ ਪਾਠਕਾਂ ਨੂੰ ਖੁੱਲਾ ਸੱਦਾ ਦਿੰਦਾ ਹੈ, ਆਪਣੇ ਲੇਖ ਇਥੇ ਪ੍ਰਕਾਸ਼ਿਤ ਕਰਨ ਦਾ।
ਆਪਣੇ ਲੇਖ ਆਨਲਾਈਨ ਜਮਾ ਕਰਵਾਓਣ ਲਈ ਇੱਥੇ ਦਬਾਓ